… ਲੇਖਕ ਦੀ ਉਮਰ…….
ਲੇਖਕ ਦੀ ਉਮਰ ਬਥੇਰੀ ਏ, ਦੋ ਕੰਮ ਦੀਆਂ ਲਾਈਨਾਂ ਲਿਖ ਜਾਵੇ।
ਕਲਮਾਂ ਨੂੰ ਤਲਵਾਰ ਬਣਾਕੇ ਜੇ ਕੁੱਝ ਹੱਦਾ ਮਿਥ ਜਾਵੇ।
ਪਾਤਰ ਸਾਹਿਬ ਕਹਿਣ ਦਿਲ ਦੀਆਂ ਗੱਲਾਂ, ਸਾਂਝੀਆਂ ਕਰ ਕੇ ਰੱਖਿਆ ਕਰ।
ਦਰਸ਼ਨ ਬੁੱਟਰ ਕਹਿੰਦਾ, ਆਪਣੇ ਆਪ ਨੂੰ ਵੱਡਾ ਕਵੀ ਦੱਸਿਆ ਕਰ।
ਗੁਰਭਜਨ ਗਿੱਲ ਦੀਆਂ ਗੱਲਾਂ ਤੋਂ ਹਰ ਕੋਈ ਕਵਿਤਾ ਸਿੱਖ ਜਾਵੇ।
ਲੇਖਕ ਦੀ ਉਮਰ ਬਥੇਰੀ ਏ………
ਕੁਝ ਲਿਖਦੇ ਆਪਣੇ ਯਾਰਾਂ ਲਈ,ਕੁਝ ਲਿਖਦਾ ਮੌਜ ਬਹਾਰਾਂ ਲਈ।
ਕੁੱਝ ਲਿਖਦੇ ਰੋਟੀ ਚਲਦੀ ਰਹੇ, ਕੁਝ ਲਿਖਦੇ ਨੇ ਸਰਕਾਰਾਂ ਲਈ।
ਚੜਦਾ ਰਹੀਂ ਵੇ ਸੂਰਜਾ ਕਿਰਤੀ ਨੂੰ ਚਾਨਣ ਦਿਸ ਜਾਵੇ।
ਲੇਖਕ ਦੀ ਉਮਰ ਬਥੇਰੀ ਏ………..
ਬਾਬੇ ਨਜ਼ਮੀ ਉਗਦੇ ਰਹਿਣਾ ਏ, ਸੀਨਾ ਪਾੜ ਕੇ ਪੱਥਰਾਂ ਦਾ।
ਲੋਕੀ ਅੱਜ ਵੀ ਪਾਠ ਨੇ ਕਰਦੇ, ਬੁੱਲੇ ਸ਼ਾਹ ਦੀਆਂ ਸਤਰਾਂ ਦਾ।
ਰੁੱਖਾਂ ਨਾਲ ਰਿਸ਼ਤੇ ਬਣਦੇ ਨੇ ਸ਼ਿਵ ਕੁਮਾਰ ਤੋਂ ਸਿੱਖ ਜਾਵੇ।
ਲੇਖਕ ਦੀ ਉਮਰ ਬਥੇਰੀ ਏ…….
ਆਪਣਾ ਆਪ ਗਵਾ ਕੇ, ਇਸ਼ਕ ਅਵੱਲੜਾ ਪਾ ਚੱਲਿਆ।
ਪੜ੍ਹ ਪੜ੍ਹ ਕੇ ਵੱਡੀ ਮਹਿਫ਼ਲ ਵਿਚ ,ਨੀਵਾਂ ਹੋ ਸੁਣਾ ਚੱਲਿਆ।
ਅੰਗਰੇਜ ਵਿਰਕ ਦਾ ਇਸ਼ਕ ਹਕੀਕੀ ਸਸਤਾ ਨਾ ਵਿਕ ਜਾਵੇ।
ਲੇਖਕ ਦੀ ਉਮਰ ਬਥੇਰੀ ਏ……….