• ਬੋਲ ….
    ਮਿੱਠੇ ਬੋਲ ਜ਼ਿੰਦਗੀ ਦਾ ਗਹਿਣਾ ਹੁੰਦੇ ਨੇ।ਨਿਮਰ, ਸਹਿਜ ਤੇ ਸਲੀਕੇ ਵਾਲੇ ਬੋਲਾਂ ਨਾਲ ਬੰਦਾ ਸਭ ਦਾ ਮਨ ਮੋਹ ਲੈਂਦਾ ਹੈ।
    ਉੱਚੇ ਬੋਲ ਬੰਦੇ ਨੂੰ ਇਕੱਲਤਾ ਵੱਲ ਧੱਕ ਦਿੰਦੇ ਨੇ।ਨਫਰਤੀ ਆਲਮ ਵਧਦਾ ਜਾਂਦੈ।
    ਬੋਲ ਕਬੋਲ ਮੂਰਖ ਬੰਦਿਆਂ ਦੇ ਹਿੱਸੇ ਆਉਂਦੈ।ਬੋਲ ਬਿਗਾੜ ਤੋਂ ਸਾਥੀ ਵੀ ਕੰਨੀ ਕਤਰਾਊਣ ਲੱਗ ਪੈਂਦੇ ਨੇ।
    ਬੋਲੀ ਮਾਰ ਲਈ ਜ਼ਿੰਦਗੀ ਅਕਸਰ ਮੁਹਾਲ ਹੋ ਜਾਂਦੀ ਹੈ।
    ਬੋਲੀ ਪਾਉਣ ਦੀ ਕਲਾ ਤੁਹਾਡੀ ਹਰਮਨਪਿਆਰਤਾ ਵਧਾ ਦਿੰਦੀ ਹੈ॥     
    ~
  • *ਹੁਕਮ …
    ‘ਉਹਦੇ’ ਹੁਕਮ ‘ਚ ਜ਼ਿੰਦਗੀ ਜੀਵੋ।ਹਰ ਸਾਹ ਆਨੰਦਿਤ ਆਵੇਗਾ।
    ਚੇਤੇ ਰੱਖੋ! ਹੁਕਮੈਂ ਅੰਦਰ ਸਭ ਕੋ ਬਾਹਰ ਹੁਕਮੁ ਨਾ ਕੋਇ।
    ਹੁਕਮ ਚਾੜਕੇ ਆਪ ਪਿੱਛੇ ਹੱਟ ਜਾਣਾ ਕਦਰ ਘਟਾਉਂਦੈ। ਹੁਕਮ ਅਦੁਲੀ ਕਰਨ ਵਾਲੇ ਬਾਗੀ ਬੰਦੇ ਅਕਸਰ ਨਵੇਂ ਰਾਹ ਲੱਭਦੇ ਨੇ।ਖੋਜ਼ੀ ਸੁਭਾਅ ਦੇ ਹੁੰਦੇ ਨੇ। ਆਧੁਨਿਕ ਮਨੁੱਖ ਹੁੱਕਮ ਮੰਨਣ ਨਾਲੋਂ ਹੁਕਮ ਚਾੜਨ ਨੂੰ ਪਹਿਲ ਦਿੱਦੈ।ਬੇਚੈਨੀ ਇਸੇ ਸੁਭਾਅ ਦੀ ਪੈਦਾਇਸ਼ ਹੈ।
    ਜ਼ਮੀਰ ਦਾ ਹੁਕਮ ਮੰਨਕੇ ਜਿਉਣ ਵਾਲਾ ਜ਼ਿੰਦਗੀ ‘ਚ ਹਿੱਕ ਢਾਹ ਕੇ ਚਲਦੈ॥
    ~