🌟🌟 ਕਾਮਰੇਡ 🌟🌟
ਤੁਸੀਂ ਭੰਡਦੇ ਉਂ ਜਿਹਨੂੰ ਕਾਮਰੇਡ ਕਹਿ ਕੇ,
ਪੰਨਾ ਉਹਦੀ ਸੋਚ ਵਾਲਾ ਪੜ੍ਹੋ ਤਾਂ ਸਹੀ,
ਉਹ ਲੜਦਾ ਰਿਹਾ ਸਦਾ ਗੋਰਿਆਂ ਦੇ ਨਾਲ,
ਤੁਸੀਂ ਲੁਟੇਰਿਆਂ ਦੇ ਨਾਲ ਹੁਣ ਲੜੋ ਤਾਂ ਸਹੀ,
ਉਹਨੇਂ ਸਾਫ-ਸਾਫ ਲਿਖਿਆ ਜੇਲ ਡਾਇਰੀ ਅੰਦਰ,
ਮੈਂਨੂੰ ਕਿਰਤੀਆਂ ਦਾ ਰਾਜ ਚਾਹੀਦਾ,
ਚਾਹੇ ਕਿਸੇ ਵੀ ਰੰਗ ਦੇ ਹੋਣ ਲੁਟੇਰੇ,
ਸੱਭ ਤੋਂ ਮੁਲਕ ਆਜ਼ਾਦ ਚਾਹੀਦਾ,
ਇਹ ਅਹਿਦ ਸੀ ਉਸ ਦਾ,
ਕਿ ਜਦ ਤਕ ਮੁੱਠੀ ਭਰ ਲੁਟੇਰਿਆਂ ਤੋਂ,
ਧਰਤੀ ਆਜ਼ਾਦ ਨਹੀਂ ਹੋ ਜਾਂਦੀ,
ਓਦੋਂ ਤੱਕ ਇਨਕਲਾਬ ਦੀ ਜੰਗ ਜਾਰੀ ਰਹੇਗੀ,
ਉਹ! ਐਸਾ ਨਿਜ਼ਾਮ ਚਾਹੁੰਦਾ ਸੀ,
ਜਿੱਥੇ ਉਂਚ-ਨੀਚ, ਜਾਤ-ਪਾਤ,
ਛੂਆ-ਛਾਤ ਦਾ ਕੋਈ ਮਸਲਾ ਨਾ ਹੋਵੇ,
ਕਿਸੇ ਨੂੰ ਵੀ ਧਰਮਾਂ ਦੇ ਨਾਂ ਤੇ,
ਖੂਨੀ ਖੇਡ ਖੇਡਣ ਦੀ ਇਜਾਜ਼ਤ ਨਾ ਹੋਵੇ,
ਹਰ ਇੱਕ ਲਈ ਗਾਰੰਟੀ ਹੋਵੇ,
ਸਿਹਤ, ਸਿੱਖਿਆ ਤੇ ਰੁਜ਼ਗਾਰ ਦੀ,
ਬਰਾਬਰ ਦਾ ਅਧਿਕਾਰ ਹੋਵੇ ਹਰ ਇੱਕ ਨੂੰ,
ਆਪਣੇ ਸੁਪਨੇ ਪੂਰੇ ਕਰਨ ਦਾ,
ਉਹ ਆਸਮਾਨ ਤੇ ਜੰਨਤ ਦੀ ਬਜਾਏ,
ਧਰਤੀ ਤੇ ਹੀ ਸੋਹਣੇ ਸੰਸਾਰ ਦੀ,
ਸਿਰਜਣਾ ਲਈ ਵਚਨਬੱਧ ਸੀ,
ਪਰ ਅਫਸੋਸ!
ਵੀਹਵੀ ਸਦੀ ਦੇ ਉਸ ਮਹਾਨ ਫ਼ਿਲਾਸਫਰ ਨੂੰ,
ਤੁਸੀਂ ਭੰਡਦੇ ਰਹੇ ਸਦਾ ਕਾਮਰੇਡ ਕਹਿ ਕੇ,
ਜੋ ਸਿਰਫ ਸਾਢੇ 23 ਸਾਲ ਦੀ ਉਮਰ ਵਿੱਚ,
ਸਾਢੇ ਪੰਜ ਸੌ ਤੋਂ ਵੱਧ ਕਿਤਾਬਾਂ ਪੜ੍ਹ ਕੇ,
ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਗਿਆ,
ਨਵੀਆਂ ਪਿਰਤਾਂ ਪਾ ਗਿਆ,
ਦੇਸ਼ ਤੇ ਸਮਾਜ ਦੀਆਂ,
ਰੂੜੀਵਾਦੀ ਪਰੰਪਰਾਵਾਂ ਨੂੰ,
ਉਸ ਨੇ ਹਿੱਕ ਥਾਪੜ ਕੇ ਕਿਹਾ,
ਹਾਂ ਮੈਂ ਨਾਸਤਿਕ ਹਾਂ,
ਨਹੀਂ ਮੰਨਦਾ ਉਸ ਸਰਬ ਸ਼ਕਤੀਮਾਨ ਰੱਬ ਨੂੰ,
ਜੋ ਜ਼ੁਲਮ ਹੁੰਦਿਆਂ ਹੋਇਆਂ ਵੇਖ ਕੇ ਵੀ ਚੁੱਪ ਹੈ?
ਪਰ ਤੁਹਾਡੇ ਲਈ ਤਾਂ ਉਹ ਸਿਰਫ਼ ਇਕ,
ਸਿਰਫਿਰਾ ਤੇ ਭਟਕਿਆਂ ਨੌਜਵਾਨ ਹੈ,
ਜੋ ਅਸੈਂਬਲੀ ਵਿਚ ਬੰਬ ਸੁੱਟਦਾ ਹੈ,
ਬੋਲਿਆਂ ਕੰਨਾਂ ਨੂੰ ਸੁਣਾਉਣ ਲਈ,
ਗੋਲੀਆਂ ਚਲਾਉਂਦਾ ਹੈ,
ਵੈਰੀਆਂ ਨੂੰ ਮਾਰ ਮੁਕਾਉਣ ਲਈ,
ਜੇਲ੍ਹ ਦੀ ਕਾਲ ਕੋਠੜੀ ਚੋਂ ਨਾਅਰੇ ਲਾਉਂਦਾ ਹੈ,
ਇਨਕਲਾਬ ਜ਼ਿੰਦਾਬਾਦ ਦੇ,
ਗੱਲ-ਗੱਲ ਤੇ ਤ੍ਰਿਭਕ ਜਾਣ ਵਾਲੇ ਅਖੌਤੀ ਵਿਦਵਾਨੋ,
ਉਹ ਦੇ ਪਾਏ ਹੋਏ ਪੂਰਨਿਆਂ ਤੇ,
ਚੱਲਣ ਦੀ ਕੋਸ਼ਿਸ਼ ਨਾਂ ਕਰਿਓ,
ਨਹੀਂ ਤਾਂ ਤੁਸੀਂ ਵੀ ਕਾਮਰੇਡ ਬਣ ਜਾਓਂਗੇਂ …..
(ਰਚਨਾਂ ਪਰਮਜੀਤ ਲਾਲੀ)
@ 98962-44038 @