ਝੂਠ ਨਹੀਂ ਇਹ ਗੱਲ
ਸਿਆਣੇ ਸੱਚੀ ਕਹਿੰਦੇ ਨੇ
ਕਣਕ ਹੁੰਦੀ ਨਹੀਂ ਮਾੜੀ,ਹੁੰਦਾ ਗੁੱਲੀ ਡੰਡਾ ਮਾੜਾ ਏ।

ਧਰਮ ਸਾਰੇ ਸਤਿਕਾਰ ਯੋਗ ਨੇ
ਸਾਰੀ ਦੁਨੀਆਂ ਤੇ
ਪਰ ਧਰਮਾਂ ਦੇ ਨਾਂ ਤੇ ਲੜਾਉਦਾ ਸ਼ਰਾਰਤੀ ਬੰਦਾ ਮਾੜਾ ਏ।

ਨਿਹੰਗ ਖਾਂ ਕੋਟਲੀ,ਗਨੀ ਨਵੀ
ਇਹ ਮਾਣ ਵਧਾ ਗਏ ਨੇ
ਪਰ ਆਕੜ ਦੇ ਵਿੱਚ ਅੜਿਆ ਹੋਇਆ
ਔਰੰਗਾ ਮਾੜਾ ਏ।

ਸਤੀ,ਮਤੀ,ਭਾਈ ਦਿਆਲਾ,
ਜਿਨ੍ਹਾਂ ਨੂੰ ਅੱਜ ਵੀ ਪੂਜਦੇ ਨੇ
ਪਰ ਬੇਈਮਾਨ ਰਸੋਈਆ ਬਣਿਆ ਗੰਗਾ ਮਾੜਾ ਏ।

ਜਿਸ ਦੇ ਜਰੀਏ ਲੋਕਾਂ ਦੀ ਹੋ
ਜਿੰਦਗੀ ਬਰਬਾਦ ਜਾਵੇ
ਇਹੋ ਜਿਹਾ ਕਰਨਾ ਹੁੰਦਾ ਧੰਦਾ ਮਾੜਾ ਏ।

ਕੁਰਸੀ ਦੇ ਲਈ ਡੋਲਦਾ ਏ ਕਿਉਂ
ਖੂਨ ਬੇ-ਦੋਸਿਆਂ ਦਾ
ਜਾਣ ਬੁੱਝ ਕਰਵਾਉਣਾ ਹੁੰਦਾ ਦੰਗਾ ਮਾੜਾ ਏ।

ਕਵੀਸ਼ਰ,ਰਾਗੀ,ਢਾਡੀਆਂ ਲਈ
ਪਰਹੇਜ ਜਰੂਰੀ ਏ
ਗਲੇ ਲਈ ਏ ਹੁੰਦਾ ਤਲਿਆ ਥੰਦਾ ਮਾੜਾ ਏ।

ਇੱਕ ਦੇਸ਼ ਜੋ ਦੂਜੇ ਦੇਸ਼ ਨੂੰ
ਨਫ਼ਰਤ ਕਰਦਾ ਏ
ਹੰਕਾਰ ਚ ਉੱਡਦਾ ਓਸ ਦੇਸ਼ ਦਾ ਝੰਡਾ ਮਾੜਾ ਏ।

ਜਿਸ ਘਰ ਦੇ ਵਿੱਚ ਖਾਈਏ
ਓਹਦਾ ਬੂਰਾ ਨੀ ਮੰਗੀਦਾ
ਵਿਸ਼ਵਾਸ ਘਾਤ ਨਾਲ ਕੀਤਾ ਹੋਇਆ ਫੰਡਾ ਮਾੜਾ ਏ।

ਅਮਰੀਕ ਘਨੌਰੀ ਨਿਮਰਤਾ ਦੇ ਨਾਲ
ਵਕ਼ਤ ਲੰਘਾਈ ਜਾਹ
ਐਵੇਂ ਮਸਤਾਂ ਦੇ ਨਾਲ ਹੁੰਦਾ ਲੈਣਾ ਪੰਗਾ ਮਾੜਾ ਏ।
ਅਮਰੀਕ ਸਿੰਘ ਮਾਨ ਘਨੌਰੀ ਕਲਾਂ
9464830856