ਕਮਜ਼ੋਰ ਨਹੀ ਲਲਕਾਰ ਹੈ ਔਰਤ
ਅਕਸਰ ਹੀ ਮੈ ਗੱਲਾਂ ਵਿੱਚ ਵਿਦਵਾਨ ਤੇ ਭਲਵਾਨ ਬਣਦੇ ਮਰਦ ਜਾਤ ਨੂੰ ਦੇਖਦਾ ਆਇਆ ਹਾਂ| ਆਪਣੇ ਹੀ ਗੁਣਾਂ ਨੂੰ ਦੂਸਰਿਆਂ ਸਾਹਮਣੇ ਉਜਾਗਰ ਕਰਨਾ ਕੋਈ ਮਰਦਾਂ ਤੋ ਸਿੱਖੇ| ਪਰ ਹਰ ਇਕ ਵਿੱਚ ਕੋਈ ਨਾ ਕੋਈ ਔਗੁਣ ਤੇ ਕੋਈ ਨਾ ਕੋਈ ਗੁਣ ਜਰੂਰ ਹੁੰਦਾ|
ਭਾਵੇਂ ਉਹ ਔਰਤ ਹੋਵੇ ਜਾਂ ਮਰਦ| ਜੇ ਗੱਲ ਕਰੀਏ ਔਰਤ ਦੀ ਤਾਂ ਇਸ ਸਮਾਜ ਵਿਚ ਔਰਤ ਨੇ ਹਰ ਇਕ ਕਿਰਦਾਰ ਨਿਭਾਇਆ ਹੈ| ਕਦੇ ਮਾਈ ਭਾਗੋ ਬਣ ਮਰਦ ਨੂੰ ਲਾਹਨਤਾਂ ਪਾਉਣੀਆਂ,ਕਦੇ ਆਪਣੇ ਹੱਕ ਲਈ ਝਾਂਸੀ ਦੀ ਰਾਣੀ ਬਣ ਜੰਗ ਦੇ ਮੈਦਾਨ ਵਿੱਚ ਤਲਵਾਰ ਲਹਿਰਾਉਣੀ| ਕਦੇ ਮਦਰ ਟਰੇਸਾ ਬਣ ਵਿੱਦਿਆ ਨਾਲ ਸੰਸਾਰ ਨੂੰ ਰੁਸਨਾ ਦਿੱਤਾ| ਕਿੰਨੀਆ ਹੋਰ ਉਦਾਹਰਨਾਂ ਦੇ ਸਕਦਾ ਹਾਂ ਜਿੱਥੇ ਔਰਤ ਨੇ ਆਪਣੀ ਬਹਾਦਰੀ, ਸਬਰ, ਦ੍ਰਿੜਤਾ ਨਾਲ ਆਪਣੀ ਯੋਗਤਾ ਦਾ ਝੰਡਾ ਬੁਲੰਦ ਕੀਤਾ ਹੈ| ਹੁਣ ਮੁੱਦੇ ਦੀ ਗੱਲ ਤੇ ਆਉਂਦਾ ਹਾਂ| ਬਹਾਦਰਗੜ੍ਹ ਕਮਾਂਡੋ ਕੋਰਸ ਕਰਦਿਆਂ ਮੈ ਜੋ ਦੇਖਦਾ ਰਿਹਾ ਸਭ ਹੈਰਾਨ ਕਰਨ ਵਾਲਾ ਸੀ| ਇਸ ਮੁਸ਼ੱਕਤ ਤੇ ਮਿਹਨਤ, ਵਾਲੇ ਸਖ਼ਤ ਕੋਰਸ ਵਿੱਚ ਜਿੱਥੇ 170-180 ਜਵਾਨ ਸਨ ਉਥੇ ਨਾਲ 35-40 ਕੁੜੀਆ ਵੀ ਕੋਰਸ ਕਰਨ ਲਈ ਆਈਆ ਸੀ| ਜਿੰਨਾ ਵਿੱਚ ਕਈ ਕੁੜੀਆ ਦੇ ਬੱਚੇ ਵੀ ਸਨ| ਕੋਰਸ ਦੇ ਸੁਰੂ ਵਿਚ ਮੈਨੂੰ ਵੀ ਇਹ ਸੀ ਕੇ ਇਹਨਾਂ ਲਈ ਕੋਰਸ ਕਰਨਾ ਮੁਸ਼ਕਿਲ ਹੈ| ਪਰ ਹੋਇਆ ਇਸਦੇ ਉਲਟ ਕਈ ਲੜਕੇ ਗਰਾਊਂਡ ਦੀ ਮਿਹਨਤ ਤੋਂ ਡਰਦੇ ਕੋਰਸ ਛੱਡ ਫਰਾਰ ਹੋ ਗਏ ਤੇ ਕਈ ਗੈਰ ਹਾਜ਼ਰ ਹੋਏ| ਇਹਨਾਂ ਲੜਕੀਆਂ ਨੇ ਜੋ ਕੀਤਾ ਉਸ ਲਈ ਇਹਨਾਂ ਦੇ ਹੌਂਸਲੇ ਤੇ ਜਜ਼ਬੇ ਨੂੰ ਸਤਿਕਾਰਨਾ ਇਕ ਲੇਖਕ ਹੋਣ ਦੇ ਨਾਤੇ ਮੇਰਾ ਪਹਿਲਾਂ ਫ਼ਰਜ ਹੈ| ਕੋਰਸ ਦੌਰਾਨ ਇਹ ਲੜਕੀਆਂ ਮੁੰਡਿਆ ਦੇ ਨਾਲ ਹੀ ਗਰਾਊਂਡ ਵਿਚ ਪਸੀਨਾ ਵਹਾਉਂਦੀਆਂ ਰਹੀਆਂ| ਹਰ ਰੋਜ 12-15 ਕਿਲੋਮੀਟਰ ਭੱਜਣਾ ਡੰਡ ਕੱਢਣੇ ਰੱਸਾ ਚੜਨਾ, ਰੋਡ ਮਾਰਚ ਹੋਰ ਵੀ ਜੋ ਜੋ ਲੜਕੇ ਕਰਦੇ ਉਹ ਲੜਕੀਆਂ ਬਰਾਬਰ ਕਰਦੀਆ ਰਹੀਆਂ| ਰੇਂਜ ਤੇ ਫਾਇਰ ਦੌਰਾਨ ਵੀ ਇਹ ਮਾਈ ਭਾਗੋ ਦੀਆਂ ਵਾਰਿਸਾ ਦਾ ਹੌਂਸਲਾ ਵੇਖਣ ਵਾਲਾ ਬਣਦਾ ਸੀ| ਸੱਚਮੁੱਚ ਇਹਨਾਂ ਭੈਣਾਂ ਦੇ ਸਬਰ, ਦਲੇਰੀ, ਹਿੰਮਤ ਨੂੰ ਸਲਾਮ ਹੈ| ਜਿੰਨਾ ਨੇ ਪਰਿਵਾਰਾਂ ਚੋ ਉੱਠ ਕੇ ਆਪਣੇ ਆਪ ਨੂੰ ਇਕ ਪਹਿਚਾਣ ਦਿੱਤੀ| ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ| ਇਸ ਕੋਰਸ ਦੌਰਾਨ ਇਹ ਸਭ ਵੇਖ ਮੈਨੂੰ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਵਜਦੀ ਨਜ਼ਰ ਆਈ ਜਿਹੜੇ ਕਹਿੰਦੇ ਨੇ ਕਿ ਔਰਤ ਕਮਜ਼ੋਰ ਹੈ|
ਸੁਖਜਿੰਦਰ ਮੁਹਾਰ ਪਿੰਡ ਮੜ੍ਹਾਕ (ਫਰੀਦਕੋਟ) ਮੋ:98885-98350