• ਸੜਕਾਂ ਤੇ ਰੋੜੀ ਕੁੱਟਦੀ ਕੁੜੀਏ,
    ਤੇਰੇ ਪੈ ਗਏ ਹੱਥੀਂ ਛਾਲੇ ਨੀਂ,
    ਢਿੱਡ ਦੀ ਭੁੱਖ ਮਿਟਾਵਣ ਖਾਤਰ,
    ਤੂੰ ਨਿੱਤ ਘਾਲਣਾ ਘਾਲੇਂ ਨੀਂ……….
  • ਨਾ ਕੋਈ ਤੇਰਾ ਪੱਕਾ ਘਰ ਹੈ,
    ਨਾ ਕੋਈ ਤੇਰਾ ਟਿਕਾਣਾ ਹੈ,
    ਜਿਥੇ ਵੀ ਮਿਲ ਗਈ ਜਗ੍ਹਾ ਨੀ ਤੈਨੂੰ,
    ਥੱਕ ਹਾਰ ਸੋਂ ਜਾਣਾ ਹੈ -੨
    ਨਾ ਕੋਈ ਸਧਰਾਂ,ਚਾਅ,ਉਮੰਗਾਂ,
    ਬੱਸ ਵਕਤ ਨਾਂ ਖੁਦ ਨੂੰ ਢਾਲੇਂ ਨੀ,
    ਸੜਕਾਂ ਤੇ ਰੋੜੀ ਕੁੱਟਦੀ ਕੁੜੀਏ……
  • ਤੂੰ ਜੇਠ-ਹਾੜ ਦੀ ਧੁੱਪ ਨੂੰ ਜਰਦੀ,
    ਵਿਚ ਮਜਬੂਰੀ, ਮਜ਼ਦੂਰੀ ਕਰਦੀ,
    ਸੜਕਾਂ ਤੇ ਡੋਹਲੇਂ ਖੂਨ ਪਸੀਨਾ,
    ਨਾ ਕਾਲਜ, ਨਾ ਸਕੂਲ ਚ ਪੜਦੀ,
    ਤੇਰਾ ਧੁੱਪਾਂ ਨੇ ਰੰਗ ਕਾਲ਼ਾ ਕੀਤਾ,
    ਨਿੱਤ ਹੁਸਨ ਆਪਣਾ ਗਾਲੇਂ ਨੀ,
    ਸੜਕਾਂ ਤੇ ਰੋੜੀ ਕੁੱਟਦੀ ਕੁੜੀਏ…….
  • ਤੂੰ ਜਿਸ ਧਰਤੀ ਤੇ ਜਨਮ ਲਿਆ,
    ਉਹ ਧਰਤੀ ਹੱਥ ਲੁਟੇਰਿਆਂ ਦੇ,
    ਮਰਦੇ ਭੁੱਖ ਨਾਲ ਲੱਖਾਂ ਲੋਕ ਏਥੇ,
    ਨਿੱਤ ਲੁੱਟ ਹੁੰਦੇ ਹੱਕ ਕਮੇਰਿਆਂ ਦੇ -੨
    ਉਹਨਾਂ ਦੇ ਆਪਣੇ ਕਾਇਦੇ-ਕਨੂੰਨ ਏਥੇ,
    ਖਾਂਦੇ ਵਾੜ ਨੂੰ ਵੀ ਰਖਵਾਲੇ ਨੀਂ,
    ਸੜਕਾਂ ਤੇ ਰੋੜੀ ਕੁੱਟਦੀ ਕੁੜੀਏ……
  • ਭਾਂਵੇ ਵੈਰੀ ਕਿਰਤੀ ਦਾ ਸੰਸਾਰ ਕੁੜੇ,
    ਪਰ ਤੂੰ ਹਿੰਮਤ ਨਾ ਹਾਰ ਕੁੜੇ,
    ਮੰਗ ਆਪਣੇ ਹਿੱਸੇ ਦੀ ਆਜ਼ਾਦੀ ਤੂੰ,
    ਕਰ ਸੁਪਨੇ ਸਾਕਾਰ ਕੁੜੇ -੨
    ਤੇਰੀ ਮਿਹਨਤ ਨੂੰ ਹਥਿਆਰ ਬਣਾ,
    ਕਰ ਜ਼ਿੰਦਗੀ ਵਿਚ ਉਜਾਲੇ ਨੀਂ,
    ਸੜਕਾਂ ਤੇ ਰੋੜੀ ਕੁੱਟਦੀ ਕੁੜੀਏ,
    ਤੇਰੇ ਪੈ ਗਏ ਹੱਥੀਂ ਛਾਲੇ ਨੀਂ…….. ✍️ ਰਚਨਾਂ ✍️
    (ਪਰਮਜੀਤ ਲਾਲੀ)
    @98962-43038@