ਗ਼ਜ਼ਲ
ਮਿਲਾ ਬੈਠਾ ਮੈਂ ਕੀ ਨਜਰਾਂ ਸ਼ਿਕਾਰੀ ਨਾਲ, ਕੀ ਦੱਸਾਂ?
ਬੜਾ ਹੀ ਹਾਦਸਾ ਹੋਇਆ ਉਡਾਰੀ ਨਾਲ, ਕੀ ਦੱਸਾਂ?

ਸਫ਼ਰ ਦੀ ਖਾ਼ਕ ਹੀ ਪੱਲੇ ਪਈ ਰਹਿਬਰ ਦੇ ਜਦ ਕੇਵਲ
ਕਿ ਛਲਕੇ ਨੈਣ, ਬੁੱਲ੍ਹ ਫ਼ਰਕੇ, ਲਚਾਰੀ ਨਾਲ, ਕੀ ਦੱਸਾਂ?

ਮਨਾਂ ਅੰਦਰ ਲਈ ਫਿਰਦੈ ਮਣਾਂ ਮੂਹੀਂ ਜੁ ਕਾਲਖ ਨੂੰ
ਤੇ ਦਾਮਨ ਰਖਦੈ ਉਜਲਾ ਉਹ ਮਕਾਰੀ ਨਾਲ, ਕੀ ਦੱਸਾਂ?

ਨਗਰ ਜਦ ਉਜੜਿਆ ਘਰ ਨਾ ਕੋਈ ਦਰ ਹੀ ਰਿਹਾ ਬਾਕ਼ੀ
ਭਲਾਂ ਹੋਵੇਗੀ ਕੀ ਬੀਤੀ, ਭਿਖਾਰੀ ਨਾਲ, ਕੀ ਦੱਸਾਂ?

ਮਿਰੇ ਘਰ ਦਾ ਹਰਿੱਕ ਕੋਨਾ ਮਹਿਕ ਉਠਿਆ ਇਵੇਂ ਓਦੋਂ
ਜਦੋਂ ਕੁਝ ਫੁੱਲ ਖੁਦਵਾਏ ਉਸਾਰੀ ਨਾਲ, ਕੀ ਦੱਸਾਂ?

ਕ਼ਲਮ ਜਦ ਤੋਂ ਵਿਕਾਉ ਹੋ ਗਈ ਹੈ, ਬਸ ਉਸੇ ਦਿਨ ਤੋਂ
ਭਲਾ ਕੀ ਕੀ ਨਹੀਂ ਹੁੰਦਾ ਲਿਖਾਰੀ ਨਾਲ, ਕੀ ਦੱਸਾਂ?

ਸਿਮਟਕੇ ਰਹਿ ਗਿਆ ਅੰਬਰ, ਜਦੋਂ ਪੰਛੀ ਨੇ ਅਨਜਾਨੇ
ਭਰੀ ਪਰਵਾਜ਼ ਹਿਰਦੇ ਚੋਂ ਤਿਆਰੀ ਨਾਲ, ਕੀ ਦੱਸਾਂ?