ਸੜਕਾਂ ਤੇ ਰੋੜੀ ਕੁੱਟਦੀ ਕੁੜੀ ਦਾ ਗੀਤ: ਪਰਮਜੀਤ ਲਾਲੀ
- ਸੜਕਾਂ ਤੇ ਰੋੜੀ ਕੁੱਟਦੀ ਕੁੜੀਏ,
ਤੇਰੇ ਪੈ ਗਏ ਹੱਥੀਂ ਛਾਲੇ ਨੀਂ,
ਢਿੱਡ ਦੀ ਭੁੱਖ ਮਿਟਾਵਣ ਖਾਤਰ,
ਤੂੰ ਨਿੱਤ ਘਾਲਣਾ ਘਾਲੇਂ ਨੀਂ……….
- ਨਾ ਕੋਈ ਤੇਰਾ ਪੱਕਾ ਘਰ ਹੈ,
ਨਾ ਕੋਈ ਤੇਰਾ ਟਿਕਾਣਾ ਹੈ,
ਜਿਥੇ ਵੀ ਮਿਲ ਗਈ ਜਗ੍ਹਾ ਨੀ ਤੈਨੂੰ,
ਥੱਕ ਹਾਰ ਸੋਂ ਜਾਣਾ ਹੈ -੨
ਨਾ ਕੋਈ ਸਧਰਾਂ,ਚਾਅ,ਉਮੰਗਾਂ,
ਬੱਸ ਵਕਤ ਨਾਂ ਖੁਦ ਨੂੰ ਢਾਲੇਂ ਨੀ,
ਸੜਕਾਂ ਤੇ ਰੋੜੀ ਕੁੱਟਦੀ ਕੁੜੀਏ……
- ਤੂੰ ਜੇਠ-ਹਾੜ ਦੀ ਧੁੱਪ ਨੂੰ ਜਰਦੀ,
ਵਿਚ ਮਜਬੂਰੀ, ਮਜ਼ਦੂਰੀ ਕਰਦੀ,
ਸੜਕਾਂ ਤੇ ਡੋਹਲੇਂ ਖੂਨ ਪਸੀਨਾ,
ਨਾ ਕਾਲਜ, ਨਾ ਸਕੂਲ ਚ ਪੜਦੀ,
ਤੇਰਾ ਧੁੱਪਾਂ ਨੇ ਰੰਗ ਕਾਲ਼ਾ ਕੀਤਾ,
ਨਿੱਤ ਹੁਸਨ ਆਪਣਾ ਗਾਲੇਂ ਨੀ,
ਸੜਕਾਂ ਤੇ ਰੋੜੀ ਕੁੱਟਦੀ ਕੁੜੀਏ…….
- ਤੂੰ ਜਿਸ ਧਰਤੀ ਤੇ ਜਨਮ ਲਿਆ,
ਉਹ ਧਰਤੀ ਹੱਥ ਲੁਟੇਰਿਆਂ ਦੇ,
ਮਰਦੇ ਭੁੱਖ ਨਾਲ ਲੱਖਾਂ ਲੋਕ ਏਥੇ,
ਨਿੱਤ ਲੁੱਟ ਹੁੰਦੇ ਹੱਕ ਕਮੇਰਿਆਂ ਦੇ -੨
ਉਹਨਾਂ ਦੇ ਆਪਣੇ ਕਾਇਦੇ-ਕਨੂੰਨ ਏਥੇ,
ਖਾਂਦੇ ਵਾੜ ਨੂੰ ਵੀ ਰਖਵਾਲੇ ਨੀਂ,
ਸੜਕਾਂ ਤੇ ਰੋੜੀ ਕੁੱਟਦੀ ਕੁੜੀਏ……
- ਭਾਂਵੇ ਵੈਰੀ ਕਿਰਤੀ ਦਾ ਸੰਸਾਰ ਕੁੜੇ,
ਪਰ ਤੂੰ ਹਿੰਮਤ ਨਾ ਹਾਰ ਕੁੜੇ,
ਮੰਗ ਆਪਣੇ ਹਿੱਸੇ ਦੀ ਆਜ਼ਾਦੀ ਤੂੰ,
ਕਰ ਸੁਪਨੇ ਸਾਕਾਰ ਕੁੜੇ -੨
ਤੇਰੀ ਮਿਹਨਤ ਨੂੰ ਹਥਿਆਰ ਬਣਾ,
ਕਰ ਜ਼ਿੰਦਗੀ ਵਿਚ ਉਜਾਲੇ ਨੀਂ,
ਸੜਕਾਂ ਤੇ ਰੋੜੀ ਕੁੱਟਦੀ ਕੁੜੀਏ,
ਤੇਰੇ ਪੈ ਗਏ ਹੱਥੀਂ ਛਾਲੇ ਨੀਂ…….. ✍️ ਰਚਨਾਂ ✍️
(ਪਰਮਜੀਤ ਲਾਲੀ)
@98962-43038@